ਗੁਰੁ ਨਾਨਕ ਨਾਮ ਲੇਵਾ ਸਰਬ ਸੰਪਰਦਾਇ ਕਾਨਫਰੰਸ ਕਰਨ ਦਾ ਅਸਾਡਾ ਨਾਮਧਾਰੀ ਸੰਗਤ ਦਾ ਇੱਕੋ ਹੀ ਮਨੋਰਥ ਹੈ ਕਿ ਅਸਾਡਾ ਸਿੱਖ ਪੰਥ ਜੋ ਆਪਸੀ ਫੁਟ ਕਾਰਨ ਘੱਟ ਰਿਹਾ ਹੈ। ਉਸ ਨੂੰ ਵਧਾਉਣ ਦਾ ਯਤਨ ਕਰੀਏ ਪਰ ਪੰਥ ਵੱਧੇਗਾ ਤਾਂ ਜੇ ਅਸੀਂ ਆਪਸ ਵਿੱਚ ਲੜਨਾ ਛੱਡਾਂਗੇ ਅਤੇ ਆਪਸ ਵਿੱਚ ਇਕੱਠੇ ਹੋ ਕੇ ਬੈਠਾਂਗੇ। ਇਸ ਲਈ ਅਸੀਂ ਸਭ ਗੁਰੁ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਇਕੱਠੇ ਹੋਣ ਦੇ ਯਤਨ ਕਰੀਏ। ਇਸ ਵਿੱਚ ਨਾਮਧਾਰੀ, ਨਿਰਮਲੇ, ਅਕਾਲੀ ਆਦਿ ਦੀ ਕੋਈ ਗੱਲ ਨਹੀਂ ਹੈ। ਇੱਥੇ ਗੱਲ ਸਮੂਹ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੁ ਮੰਨਣ ਵਾਲਿਆਂ ਦੀ ਹੈ ਚਾਹੇ ਉਹ ਕਿਸੇ ਰੂਪ ਵਿੱਚ ਮੰਨਦਾ ਹੈ, ਉਹ ਸਭ ਇਕੱਠੇ ਹੋ ਜਾਈਏ ਜਿਸ ਨਾਲ ਸਿੱਖ ਪੰਥ ਵਧ ਸਕੇ ਅਤੇ ਅਸੀਂ ਮਿਲਕੇ ਸਾਰੇ ਸੰਸਾਰ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਕਰੀਏ ਜਿਸ ਨਾਲ ਸਾਰਾ ਸੰਸਾਰ ਸਤਿਗੁਰੂ ਜੀ ਨੂੰ ਸ਼ਰਧਾ ਨਾਲ ਮੰਨੇ। ਇਸ ਕਾਨਫਰੰਸ ਵਿੱਚ ਸਿੱਖ ਪੰਥ ਦੀ ਬਹੁਤ ਹੀ ਮਹਾਨ ਸ਼ਖਸੀਅਤਾ ਅਕਾਲ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ, ਤਖਤ ਦਮਦਮਾ ਸਾਹਿਵ ਦੇ ਹੈਡ ਗ੍ਰੰਥੀ ਸ. ਬਲਵੰਤ ਸਿੰਘ ਜੀ, ਭਾਈ ਇਸ਼ਰ ਸਿੰਘ ਜੀ, ਡਾਕਟਰ ਸਵਾਮੀ ਜੀ, ਕਲੇਰਾਂ ਵਾਲੇ ਸੰਤ ਜੀ, ਸ਼੍ਰੋਮਣੀ ਕਮੇਟੀ ਹਰਿਮੰਦਰ ਸਾਹਿਬ ਦੇ ਸਕੱਤਰ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਮੈਂਬਰ ਆਦਿ ਵੀ ਮੌਜੂਦ ਸੀ।